ਕਲ੍ਹ ਫੇਰ ਆਵੀਂ…
“ਦੇਖ ਰੀਮਾ, ਹੁਣ ਮੈਂ ਪੰਜਾਹ ਦਾ ਹੋ ਚੱਲਿਆਂ—ਮੇਰੇ ਲਈ ਹੁਣ ਔਰਤ ਦੇ ਜਿਸਮ ਦੇ ਕੋਈ ਅਰਥ ਨਹੀਂ ਰਹੇ...ਹੁਣ ਤੂੰ ਮੈਥੋਂ ਕੋਈ ਉਮੀਦ ਨਾ ਰੱਖੀਂ।”
ਕਬੀਰ ਦੇ ਇਹਨਾਂ ਸ਼ਬਦਾਂ ਨੇ ਰੀਮਾ ਦੇ ਦਿਲ ਦੀ ਧੜਕਨ ਨੂੰ ਡਾਵਾਂ-ਡੋਲ ਕਰਕੇ ਰੱਖ ਦਿੱਤਾ ਸੀ। ਕੁਝ ਪਲਾਂ ਦੀ ਚੁੱਪ ਪਿੱਛੋਂ ਉਸਨੇ ਮੂੰਹ ਖੋਲ੍ਹਿਆ, “ਕਬੀਰ ਤੁਸੀਂ ਪੰਜਾਹ ਦੇ ਹੋ ਗਏ ਤਾਂ ਇਸ ਵਿਚ ਮੇਰਾ ਕੀ ਕਸੂਰ ਏ, ਮੈਂ ਤਾਂ ਅਜੇ ਸੈਂਤੀਆਂ ਦੀ ਓ ਆਂ...ਤੁਸੀਂ ਕਹਿਣਾ ਚਾਹੁੰਦੇ ਓ ਕਿ ਸਾਡੀ ਸ਼ਾਦੀ-ਸ਼ੁਦਾ ਜ਼ਿੰਦਗੀ ਬਸ ਤੁਹਾਡੇ ਏਸ ਇਕ ਵਾਕ ਨਾਲ ਖਤਮ ਹੋ ਗਈ?...ਜਿਵੇਂ ਢਿੱਡ ਨੂੰ ਭੁੱਖ ਲੱਗਦੀ ਏ ਕਬੀਰ—ਜਿਸਮ ਨੂੰ ਵੀ ਓਵੇਂ ਈ ਭੁੱਖ ਮਹਿਸੂਸ ਹੁੰਦੀ ਏ। ਵੈਸੇ ਢਿੱਡ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਤਾਂ ਕਈ ਤਰੀਕੇ ਹੈਨ ਪਰ ਜਿਸਮ...”
ਰੀਮਾ ਨੂੰ ਆਪਣੀ ਗੱਲ ਵਿਚਕਾਰ ਹੀ ਛੱਡ ਦੇਣੀ ਪਈ—ਕਬੀਰ ਦੇ ਬੇ-ਸੁਰੇ ਘੁਰਾੜੇ ਕਮਰੇ ਵਿਚ ਗੂੰਜਣ ਲੱਗ ਪਏ ਸਨ।
ਰੀਮਾ ਨੂੰ ਭਰਮ ਹੈ ਕਿ 13 ਦਾ ਅੰਕ ਉਸ ਲਈ ਬੜਾ ਮਨਹੂਸ ਹੈ...ਤੇ ਜੇ 13 ਤਾਰੀਖ਼ ਨੂੰ ਸ਼ੁਕਰਵਾਰ ਵੀ ਹੋਏ ਤਾਂ ਉਹ ਘਰੋਂ ਬਾਹਰ ਹੀ ਨਹੀਂ ਨਿਕਲਦੀ।...ਤੇ ਅੱਜ ਹੀ ਉਸਨੂੰ ਵਿਆਹੀ ਨੂੰ 13 ਵਰ੍ਹੇ ਪੂਰੇ ਹੋਏ ਨੇ ਤੇ 13 ਤਾਰੀਖ਼ ਵਾਲਾ ਸ਼ੁਕਰਵਾਰ ਵੀ ਹੈ। ਅੱਜ ਕਬੀਰ ਨੇ ਇਹ ਗੱਲ ਕਹਿ ਕੇ ਰੀਮਾ ਦੇ ਦਿਲ ਵਿਚ 13 ਦੇ ਅੰਕ ਪ੍ਰਤੀ ਬਣੀਆ ਭਾਵਨਾਵਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਕੀ ਹੁਣ ਉਸਦੀ ਬਾਕੀ ਜ਼ਿੰਦਗੀ ਦਾ ਹਰੇਕ ਦਿਨ 13 ਤਾਰੀਖ਼ ਵਾਲਾ ਸ਼ੁਕਰਵਾਰ ਬਣਨ ਵਾਲਾ ਹੈ?
ਸ਼ਿਮਲੇ ਦੇ ਰਿਟ੍ਰਜ਼ ਹੋਟਲ ਦੀ ਉਹ ਰਾਤ—ਹਨੀਮੂਨ ਬਾਰੇ ਸੁਣਿਆ ਤਾਂ ਬੜਾ ਕੁਝ ਹੋਇਆ ਸੀ—ਤੇ ਫੇਰ, ਉਸ ਰਾਤ ਦੀਆਂ ਯਾਦਾਂ ਸੱਚਮੁੱਚ ਹੀ ਬਲੋ-ਹਾਟ—ਬਲੋ-ਕੋਲਡ ਯਾਦਾਂ ਬਣ ਗਈਆਂ ਸਨ ਤੇ ਅੱਜ ਤੀਕ ਹੈਨ ਵੀ। ਕਬੀਰ ਨੇ ਮੱਲੋਮੱਲੀ ਸੰਤਰੇ ਦੇ ਰਸ ਵਿਚ ਵੋਦਕਾ ਪਾ ਕੇ ਉਸਨੂੰ ਪਿਆ ਦਿੱਤੀ ਸੀ। ਰਾਤੀਂ ਦਸ ਵਜੇ ਤੋਂ ਤਿੰਨ ਵਜੇ ਤੀਕ ਕਬੀਰ ਨੇ ਆਪਣੇ ਆਪ ਨੂੰ ਪੰਜ ਵਾਰੀ ਸੁਖ ਦਿੱਤਾ ਸੀ ਤੇ ਵਹਿਮ ਦੀ ਮਾਰੀ ਰੀਮਾ ਹਰ ਵਾਰੀ ਆਪਣਾ ਸਰੀਰ ਧੋਣ ਖਾਤਰ ਬਾਥ-ਰੂਮ ਗਈ ਸੀ। ਹੋਟਲ ਵਿਚ ਪਾਵਰ ਕੱਟ ਦੀ ਸਮੱਸਿਆ ਚਲ ਰਹੀ ਸੀ, ਇਸ ਲਈ ਰਾਤ ਨੂੰ ਗਰਮ ਪਾਣੀ ਨਹੀਂ ਸੀ ਮਿਲਿਆ। ਪਹਿਲੀ ਵਾਰੀ ਤਾਂ ਕਿਵੇਂ ਨਾ ਕਿਵੇਂ ਠੰਡੇ ਪਾਣੀ ਨਾਲ ਨਹਾਅ ਲਈ ਸੀ ਰੀਮਾ...ਪਰ ਫੇਰ ਚਾਰ ਵਾਰੀ ਉਸਨੇ ਸਿਰਫ ਆਪਣੇ ਗੁਪਤ ਅੰਗ ਧੋਤੇ ਤੇ ਬਾਕੀ ਦੇ ਥਾਂ ਤੇ ਕੱਛਾਂ ਨੂੰ ਗਿੱਲੇ ਤੌਲੀਏ ਨਾਲ ਹੀ ਪੂੰਝ ਲਿਆ ਸੀ। ਇਕ ਰਾਤ ਵਿਚ ਪੰਜ ਵਾਰੀ ਕਰਨ ਵਾਲਾ ਕਬੀਰ ਅਚਾਨਕ ਸੰਤ ਕਿੰਜ ਬਣ ਗਿਆ?
ਕੀ ਦੋ ਬੱਚੇ ਜੰਮ ਦੇਣ ਪਿੱਛੋਂ ਉਸਦੇ ਸਰੀਰ ਵਿਚ ਨਮਕ ਨਹੀਂ ਰਿਹਾ? ਆਪਣੇ ਦੇਸ਼ ਵਿਚ ਬਿਤਾਏ ਤਿੰਨ ਸਾਲ ਕਬੀਰ ਦੀਆਂ ਬਾਹਾਂ ਵਿਚ ਬੀਤੇ ਸਨ। ਪਰ ਇੱਥੇ ਲੰਦਨ ਵਿਚ ਆ ਕੇ ਵੱਸਣ ਪਿੱਛੋਂ ਦੋਵਾਂ ਵਿਚਕਾਰ ਇਕ ਅਜੀਬ-ਜਿਹੀ ਠੰਡੀ ਦੂਰੀ ਵਧਣ ਲੱਗ ਪਈ ਸੀ। ਲੰਦਨ ਦਾ ਠੰਡਾ ਮੌਸਮ ਸ਼ਾਇਦ ਉਹਨਾਂ ਦੇ ਰਿਸ਼ਤੇ ਵਿਚ ਪਾੜ ਪਾ ਰਿਹਾ ਸੀ।
ਆਪਣੇ ਮਾਂ-ਪਿਓ ਦੀ ਤੇਰ੍ਹਵੀਂ ਸੰਤਾਨ ਰੀਮਾ; ਆਪਣੇ ਪਤੀ ਨਾਲੋਂ ਤੇਰ੍ਹਾਂ ਸਾਲ ਛੋਟੀ ਰੀਮਾ; ਆਪਣੇ ਵਿਆਹ ਤੋਂ ਤੇਰ੍ਹਾਂ ਸਾਲ ਬਾਅਦ ਇਹ ਸੋਚਣ 'ਤੇ ਮਜ਼ਬੂਰ ਹੈ ਕਿ ਆਖ਼ਰ ਉਸਦਾ ਆਪਣੇ ਪਤੀ ਨਾਲ ਰਿਸ਼ਤਾ ਕੀ ਰਹਿ ਗਿਆ ਏ! ਉਸਦਾ ਆਪਣਾ ਜੀਵਨ ਕੀ ਹੈ! ਹੁਣ ਬੱਚੇ ਏਨੇ ਛੋਟੇ ਵੀ ਨਹੀਂ ਕਿ ਉਹਨਾਂ ਨੂੰ ਹਰ ਕੰਮ ਲਈ ਮਾਂ ਦੀ ਲੋੜ ਪਏ ਤੇ ਏਨੇ ਵੱਡੇ ਵੀ ਨਹੀਂ ਕਿ ਪੂਰੀ ਤਰ੍ਹਾਂ ਆਤਮ-ਨਿਰਭਰ ਹੋ ਗਏ ਹੈਨ।
ਫੇਰ ਵੀ ਰੀਮਾ ਦੀਆਂ ਕੁਝ ਪੱਕੀਆਂ ਜ਼ਿੰਮੇਵਾਰੀਆਂ ਤਾਂ ਹੈ ਹੀ ਹੈਨ...ਉਹ ਸਵੇਰੇ ਆਪਣੇ ਬੱਚਿਆਂ ਨੂੰ ਤਿਆਰ ਕਰਦੀ ਹੈ, ਨਾਸ਼ਤਾ ਬਣਾਉਂਦੀ ਹੈ, ਫੇਰ ਉਹਨਾਂ ਨੂੰ ਕਾਰ ਵਿਚ ਸਕੂਲ ਛੱਡਣ ਜਾਂਦੀ ਹੈ। ਦੋਵੇਂ ਬੱਚੇ ਪਾਰਕ ਹਾਈ ਸਕੂਲ ਵਿਚ ਪੜ੍ਹਦੇ ਨੇ। ਰੀਮਾ ਨੂੰ ਪ੍ਰਾਈਵੇਟ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣਾ ਪਸੰਦ ਨਹੀਂ। ਇਸ ਲਈ ਬੱਚੇ ਸਟੇਟ ਸਕੂਲ ਵਿਚ ਹੀ ਭੇਜੇ ਜਾਂਦੇ ਨੇ। ਕਬੀਰ ਦੇ ਅਹੰਕਾਰ ਨੂੰ ਏਸ ਨਾਲ ਠੇਸ ਲੱਗਦੀ ਹੈ ਕਿ ਏਡੇ ਵੱਡੀ ਏਅਰਲਾਈਨ ਦੇ ਅਫ਼ਸਰ ਦੇ ਬੱਚੇ ਸਟੇਟ ਸਕੂਲ ਵਿਚ ਪੜ੍ਹਦੇ ਨੇ...ਪਰ ਰੀਮਾ ਦੀ ਸੋਚ ਵੱਖਰੀ ਹੈ।
ਸੋਚ ਸਮੁੰਦਰ ਵਿਚ ਤੈਰਦਿਆਂ ਰੀਮਾ ਨੇ ਦੋ ਸਾਲ ਹੋਰ ਲੰਘਾਅ ਦਿੱਤੇ। ਹੁਣ ਉਸਨੇ ਰਾਤਾਂ ਨੂੰ ਰੋਣਾ ਬੰਦ ਕਰ ਦਿੱਤਾ ਹੈ। ਕਿੰਨੀਆਂ ਹੀ ਰਾਤਾਂ ਸਜ-ਧਜ ਕੇ ਡਾਈਨਿੰਗ ਟੇਬਲ ਉੱਤੇ ਬੈਠੀ ਉਹ ਕਬੀਰ ਨੂੰ ਉਡੀਕਦੀ ਰਹੀ...ਉਹ ਰਾਤੀਂ ਗਿਆਰਾਂ ਵਜੇ ਤੋਂ ਪਹਿਲਾਂ ਨਾ ਆਉਂਦਾ ਤੇ ਆ ਕੇ ਆਸਾਨੀ ਨਾਲ ਕਹਿ ਦੇਂਦਾ ਕਿ 'ਉਹ ਖਾਣਾ ਤਾਂ ਦਫ਼ਤਰ ਵਿਚ ਈ ਖਾ ਆਇਐ'—ਤੇ ਰੀਮਾ ਬਿਨਾਂ ਕੁਝ ਖਾਧੇ ਤੇ ਬਿਨਾਂ ਟੇਬਲ ਸਾਫ ਕੀਤੇ ਉਠ ਕੇ ਕਬੀਰ ਨਾਲ ਬੈੱਡ-ਰੂਮ ਵੱਲ ਤੁਰ ਪੈਂਦੀ। ਕਬੀਰ ਉੱਥੇ ਲਾਉਂਜ ਵਿਚ ਹੀ ਬੈਠ ਜਾਂਦਾ, ਤੇ ਟੀ.ਵੀ. ਸਾਹਮਣੇ ਉਂਘਣ ਲੱਗਦਾ...ਤੇ ਉੱਥੇ ਹੀ ਸੌਂ ਜਾਂਦਾ। ਉਸਦੇ ਮੂੰਹ ਵਿਚੋਂ ਵਿਸਕੀ ਦੀ ਹਵਾੜ੍ਹ ਆ ਰਹੀ ਹੁੰਦੀ। ਬੈੱਡ-ਰੂਮ ਵਿਚ ਉਹ ਇਕੱਲੀ ਪਈ ਤੜਫਦੀ ਤੇ ਉਹਨਾਂ ਹੁਸੀਨ ਰਾਤਾਂ ਨੂੰ ਯਾਦ ਕਰਦੀ ਰਹਿੰਦੀ ਜਦੋਂ ਕਬੀਰ ਨੂੰ ਉਸਦੇ ਸਰੀਰ ਵਿਚ ਰੁਚੀ ਹੁੰਦੀ ਸੀ।
“ਤੁਸੀਂ ਅੱਜ ਰਾਤੀਂ ਫੇਰ ਬੈੱਡ-ਰੂਮ 'ਚ ਨਹੀਂ ਆਏ?”
“ਦਫ਼ਤਰੀ ਭੱਜ-ਨੱਠ ਕਰਕੇ ਏਨਾਂ ਥੱਕ ਗਿਆ ਸਾਂ ਕਿ ਬਸ, ਏਥੇ, ਟੀ.ਵੀ. ਕੋਲ ਈ, ਨੀਂਦ ਆ ਗਈ।”
“ਕਬੀਰ ਮੇਰਾ ਦਿਲ ਵੀ ਤਾਂ ਕਰਦੈ ਕਿ ਕਦੀ ਤੁਸੀਂ ਮੇਰੇ ਨਾਲ ਵੀ ਪਿਆਰ ਦੀਆਂ ਦੋ ਗੱਲਾਂ ਕਰੋ...ਭਲਾ ਮੇਰਾ ਕੀ ਕਸੂਰ ਏ ਕਿ ਮੈਂ ਇਕੱਲੀ ਬਿਸਤਰੇ 'ਤੇ ਪਈ ਪਾਸੇ ਪਰਤਦੀ ਰਹਾਂ?”
“ਦੇਖ ਬਈ ਰੀਮਾ, ਤੇਰੇ ਆਰਾਮ ਖਾਤਰ ਮੈਂ ਸਾਰੇ ਇੰਤਜ਼ਾਮ ਕਰ ਦਿੱਤੇ ਨੇ। ਘਰੇ ਸਾਰੀਆਂ ਸਹੂਲਤਾਂ ਮੌਜ਼ੂਦ ਨੇ...ਹੋਰ ਕੀ ਚਾਹੀਦੈ ਤੈਨੂੰ?”
ਹਾਂ, ਰੀਮਾ ਨੂੰ ਹੋਰ ਕੁਛ ਚਾਹੁਣ ਦਾ ਹੱਕ ਵੀ ਕੀ ਏ ਭਲਾ—ਸਰੀਰ ਦੀ ਭੁੱਖ ਦੀ ਸ਼ਿਕਾਇਤ ਕੋਈ ਔਰਤ ਆਪਣੇ ਮੂੰਹੋਂ ਕਰੇ ਵੀ ਤਾਂ ਕਿੰਜ ਕਰੇ! ਆਪਣੇ ਜੀਵਨ ਦੇ ਅਜਿਹੇ ਮੋੜ ਉੱਤੇ ਖੜ੍ਹੀ ਹੈ ਰੀਮਾ ਜਦੋਂ ਸਰੀਰ ਹੋਰ ਵਧੇਰੇ ਮੰਗ ਕਰਦਾ ਹੈ...ਤੇ ਉਸਨੇ ਕਹਿ ਦਿੱਤਾ ਹੈ ਕਿ ਉਹ ਥੱਕ ਗਿਆ ਹੈ। ਪਰ ਇਹ ਸਭ ਹੋਇਆ ਤਾਂ ਕਿੰਜ ਹੋਇਆ! ਸੱਚੀ ਗੱਲ ਹੈ ਕਿ ਚਾਣਚੱਕ ਤਾਂ ਨਹੀਂ ਹੋ ਗਿਆ ਹੋਣਾ। ਲੰਦਨ ਆਉਣ ਪਿੱਛੋਂ ਹੌਲੀ-ਹੌਲੀ ਹੀ ਆਇਆ ਹੈ, ਇਹ ਪਰੀਵਰਤਨ।
ਜਦੋਂ ਦੀ ਕਬੀਰ ਦੀ ਪਹਿਲੀ ਸੈਕਟਰੀ ਏਨੇਟ ਆਈ ਸੀ, ਓਦੋਂ ਦਾ ਕਬੀਰ ਨੇ ਘਰ ਦੇਰ ਨਾਲ ਆਉਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਭਾਸ਼ਾ ਕਦੀ ਵੀ ਰੀਮਾ ਨੂੰ ਸਮਝ ਨਹੀਂ ਸੀ ਆਈ।...ਪਰ ਕਬੀਰ ਨੇ ਸ਼ਾਇਦ ਉਸਦੇ ਸਰੀਰ ਦੀ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ। ਕਬੀਰ ਜਦੋਂ ਘਰ ਆਉਂਦਾ—ਉਸਦਾ ਚਿਹਰਾ ਨੁੱਚੜਿਆ ਹੋਇਆ ਹੁੰਦਾ। ਬਸ ਕਿਵੇਂ ਨਾ ਕਿਵੇਂ ਖਾਣਾ ਖਾਂਦਾ ਤੇ ਸੌਂ ਜਾਂਦਾ।
ਰੀਮਾ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਸਦਾ ਤੇ ਕਬੀਰ ਦਾ ਸਰੀਰਕ ਰਿਸ਼ਤਾ ਜੀਵੰਤ ਹੁੰਦਾ ਸੀ ਤਾਂ ਸੰਭੋਗ ਪਿੱਛੋਂ ਉਹ ਕੇਡੀ ਗੂੜ੍ਹੀ ਨੀਂਦ ਸੌਂਦੀ ਹੁੰਦੀ ਸੀ। ਹੁਣ...ਗੂੜ੍ਹੀ ਨੀਂਦ ਕਬੀਰ ਸੌਂਦਾ ਹੈ ਤੇ ਉਹ ਸੰਭੋਗ ਲਈ ਤੜਫਦੀ-ਤਰਸਦੀ ਰਹਿੰਦੀ ਹੈ। ਰੀਮਾ ਨੂੰ ਮਹਿਸੂਸ ਹੋਣ ਲੱਗਿਆ ਹੈ ਕਿ ਕਬੀਰ ਦੇ ਕੱਪੜਿਆਂ ਵਿਚੋਂ ਦੂਜੀ ਔਰਤ ਦੀ ਗੰਧ ਆਉਣ ਲੱਗ ਪਈ ਹੈ।
“ਕੀ ਬਕਦੀ ਪਈ ਏਂ ਤੂੰ? ਇਹੋ ਜਿਹਾ ਗੰਦਾ ਇਲਜ਼ਾਮ ਲਾ ਰਹੀ ਏਂ, ਮੇਰੇ ਉੱਤੇ? ਏਨੀ ਬੇਹੂਦਾ ਗੱਲ ਤੂੰ ਕਹਿ ਕਿੰਜ ਦਿੱਤੀ?...””ਤੇ ਕਬੀਰ ਦੇ ਗੁੱਸੇ ਨੇ ਰੀਮਾ ਨੂੰ ਹੋਰ ਹਿਰਖਾ ਦਿੱਤਾ—ਪਰ ਉਹ ਡਰ ਗਈ ਕਿ ਕਿਤੇ ਆਪਣੇ ਪਤੀ ਨੂੰ ਗੰਵਾਅ ਹੀ ਨਾ ਬੈਠੇ—ਸੋ ਨੀਵੀਂ ਪਾ ਕੇ ਸਭ ਕੁਝ ਸੁਣਦੀ ਤੇ ਸਹਿੰਦੀ ਰਹੀ। ਸ਼ਾਇਦ ਇਹ ਡਰ ਵੀ ਸੀ ਕਿ ਕਿਤੇ ਉਸਨੂੰ ਘਰੋਂ ਹੀ ਨਾ ਕੱਢ ਦਿੱਤਾ ਜਾਏ। ਆਰਥਕ ਪੱਖੋਂ ਕਬੀਰ ਉੱਤੇ ਨਿਰਭਰ ਜੋ ਸੀ ਉਹ।...ਜੇ ਔਰਤ ਆਰਥਕ ਪੱਖ ਤੋਂ ਸਵੈ-ਨਿਰਭਰ ਨਾ ਹੋਵੇ ਤਾਂ ਆਪਣੇ ਮਨ ਆਈ ਗੱਲ ਕਿੰਜ ਕਹਿ ਸਕਦੀ ਹੈ ਭਲਾ?
ਇਕ ਸ਼ਾਮ ਇੰਜ ਵੀ ਹੋਇਆ ਸੀ ਕਿ ਸ਼ਾਮ ਦੀ ਇਕੱਲ ਤੋਂ ਅੱਕੀ ਰੀਮਾ, ਏਅਰਲਾਈਨ ਦੀ ਇਕ ਮੁਲਾਜ਼ਮ, ਆਪਣੀ ਸਹੇਲੀ, ਸੀਮਾ ਦੇ ਘਰ ਚਲੀ ਗਈ ਸੀ। ਸੀਮਾ ਕਾਊਂਟਰ ਉੱਤੇ ਯਾਤਰੀਆਂ ਨੂੰ ਚੈਕ-ਇਨ ਕਰਨ ਦੀ ਡਿਊਟੀ ਕਰਦੀ ਸੀ। ਕਬੀਰ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਉਸਦੀ ਪਤਨੀ ਛੋਟੇ ਅਧਿਕਾਰੀਆਂ ਨਾਲ ਕੋਈ ਮੇਲ-ਜੋਲ ਰੱਖੇ। ਪਰ ਇਕੱਲ ਰੀਮਾ ਨੂੰ ਏਨਾ ਸਤਾਅ ਰਹੀ ਸੀ ਕਿ ਉਸ ਲਈ ਘਰੇ ਬੈਠੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਬੱਚਿਆਂ ਨੂੰ ਖਾਣਾ ਖੁਆ ਕੇ, ਸੀਮਾ ਨੂੰ ਫ਼ੋਨ ਕਰ ਦਿੱਤਾ। ਸੀਮਾ ਅਜੇ ਡਿਨਰ ਕਰਨ ਬਾਰੇ ਸੋਚ ਰਹੀ ਸੀ। ਅੱਜ ਉਸ ਦਾ ਪਤੀ ਵੀ ਘਰ ਹੀ ਸੀ। ਪਤੀ ਫਲਾਈਟ ਪਰਸਰ ਹੈ। ਰੀਮਾ ਚਲੀ ਗਈ।
ਤੇ ਕਬੀਰ ਉਸ ਦਿਨ ਕੁਝ ਛੇਤੀ ਘਰ ਆ ਗਿਆ। ਉਸਦੀ ਤਬੀਅਤ ਰਤਾ ਖਰਾਬ ਹੋ ਗਈ ਸੀ। ਥੋੜ੍ਹਾ-ਥੋੜ੍ਹਾ ਬੁਖ਼ਾਰ ਲੱਗ ਰਿਹਾ ਸੀ। ਘਰੇ ਰੀਮਾ ਨੂੰ ਨਾ ਦੇਖ ਕੇ ਉਸਦੀ ਜ਼ਿਮੀਂਦਾਰਾਨਾ ਪ੍ਰਵਿਰਤੀ ਨੂੰ ਖਾਸਾ ਧੱਕਾ ਲੱਗਿਆ। ਪ੍ਰੇਸ਼ਾਨੀ ਵੱਸ ਸਾਰੇ ਘਰ ਵਿਚ ਘੁੰਮਦਾ ਰਿਹਾ। ਫੇਰ ਘਰ ਨੂੰ ਅੰਦਰੋਂ ਚੰਗੀ ਤਰ੍ਹਾਂ ਇੰਜ ਲਾਕ ਕੀਤਾ ਕਿ ਰੀਮਾ ਬਾਹਰੋਂ ਚਾਬੀ ਲਾ ਕੇ ਖੋਲ੍ਹ ਵੀ ਨਾ ਸਕੇ। ਟੀ.ਵੀ. ਸਾਹਵੇਂ ਜਾ ਬੈਠਾ ਤੇ ਸੌਂ ਗਿਆ। ਰਾਤੀਂ ਜਦੋਂ ਰੀਮਾ ਵਾਪਸ ਆਈ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ ਕਿਉਂਕਿ ਬੱਚੇ ਉਪਰ ਆਪਣੇ ਬੈੱਡ-ਰੂਮ ਵਿਚ ਗੂੜ੍ਹੀ ਨੀਂਦੇ ਸੁੱਤੇ ਹੋਏ ਸਨ ਤੇ ਕਬੀਰ ਨੇ ਤਾਂ ਆਪਣੀ ਪਤਨੀ ਉੱਤੇ ਕੁਝ ਸਾਬਤ ਕਰਨਾ ਸੀ। ਬਾਹਰ ਹਨੇਰੀ ਠੰਡੀ ਰਾਤ ਵਿਚ ਰੀਮਾ ਇਕੱਲੀ ਆਪਣੀ ਕਾਰ ਸਟਾਰਟ ਕਰਕੇ, ਹੀਟਿੰਗ ਚਲਾ ਕੇ, ਬਿਨਾਂ ਕਿਸੇ ਰਜਾਈ ਜਾਂ ਕੰਬਲ ਦੇ ਪਈ ਰਹੀ।
ਸਵੇਰੇ ਉਸਦਾ ਮੋਬਾਇਲ ਫ਼ੋਨ ਵੱਜਿਆ। ਬੇਟੇ ਨੂੰ ਚਿੰਤਾ ਸੀ...ਨਾਸ਼ਤੇ ਲਈ ਮਾਂ ਦੀ ਲੋੜ ਸੀ...
ਘਰ ਦਾ ਦਰਵਾਜ਼ਾ ਖੁੱਲ੍ਹਿਆ। ਨੀਵੀਂ ਪਾਈ ਰੀਮਾ ਅੰਦਰ ਦਾਖ਼ਲ ਹੋਈ।
“ਆ ਗਈ ਹੀਰੋਇਨ ਸਾਡੇ ਘਰ ਦੀ! ਮੈਂ ਪੁੱਛਦਾਂ ਕਿ ਮੇਰੀ ਇਜਾਜ਼ਤ ਲਏ ਬਿਨਾਂ ਤੂੰ ਘਰੋਂ ਬਾਹਰ ਪੈਰ ਕਿੰਜ ਕੱਢਿਆ! ਹੁਣ ਤੇਰੀ ਏਨੀ ਹਿੰਮਤ ਹੋ ਗਈ ਕਿ ਤੂੰ ਮੈਥੋਂ ਪੁੱਛੇ ਬਿਨਾਂ ਬਾਹਰ ਭੌਂਦੀ ਫਿਰਦੀ ਰਹੇਂ!...ਤੇਰੀ ਹਿੰਮਤ ਕਿੰਜ ਹੋਈ?”
“ਜੀ ਬਸ ਸੀਮਾ ਕੇ ਘਰ ਤੀਕ ਗਈ ਸੀ। ਮੈਂ ਘਰੇ ਇਕੱਲੀ ਬੈਠੀ-ਬੈਠੀ ਬੋਰ ਹੋ ਜਾਨੀ ਆਂ।”
“ਮੈਂ ਨਹੀਂ ਚਾਹੁੰਦਾ ਤੂੰ ਛੋਟੇ ਲੋਕਾਂ ਨਾਲ ਮੇਲਜੋਲ ਰੱਖੇਂ। ਆਈ ਗੱਲ ਸਮਝ 'ਚ?”
ਰੀਮਾ ਦੀ ਸਮਝ ਵਿਚ ਆ ਗਿਆ ਕਿ ਇਸ ਵੇਲੇ ਗੱਲ ਕਰਨ ਨਾਲ ਗੱਲ ਨੂੰ ਵਿਗਾੜਿਆ ਹੀ ਜਾ ਸਕਦਾ ਹੈ। ਉਹ ਬਿਲਕੁਲ ਚੁੱਪ ਹੋ ਗਈ ਤੇ ਬੱਚਿਆਂ ਦੇ ਕੰਮੀਂ-ਆਹਰੀਂ ਲੱਗ ਗਈ।
ਵਿਆਹੁਤਾ ਜੀਵਨ ਦੀਆਂ ਯਾਦਾਂ ਵਿਚ ਕੁਝ ਵੀ ਸਾਕਾਰ-ਆਤਮਕ ਯਾਦ ਕਿਉਂ ਨਹੀਂ ਆਉਂਦਾ ਪਿਆ? ਕਿਉਂ ਉਹ ਹਮੇਸ਼ਾ ਕਿਸੇ ਹਨੇਰੀ ਸੁਰੰਗ ਵਿਚ ਜਾ ਕੇ ਕਿਧਰੇ ਗਵਾਚ ਜਾਂਦੀ ਹੈ? ਇਕ ਸ਼ਾਮ ਆਪਣੇ ਇਕੱਲੇਪਨ ਨੂੰ ਦੂਰ ਕਰਨ ਦੀ ਕੋਸ਼ਿਸ਼ ਦੀ ਸਜ਼ਾ, ਕੀ ਪੂਰੀ ਰਾਤ ਕਾਰ ਵਿਚ ਇਕੱਲੇ ਬਿਤਾਉਣਾ ਹੁੰਦੀ ਹੈ! ਉਂਜ ਤਾਂ ਕਬੀਰ ਆਪਣੇ ਆਪ ਨੂੰ ਦਿੱਲੀ ਵਾਲਾ ਕਹਿੰਦਾ ਹੈ...ਪਰ ਵਿਹਾਰ, ਕਿਸੇ ਪਿੰਡ ਦੇ ਅਣਪੜ੍ਹ ਜ਼ਿਮੀਂਦਾਰ ਵਰਗਾ ਹੈ, ਉਹਦਾ।...ਵਿਚਾਰੀ ਰੀਮਾ! ਅੱਜ ਤੀਕ ਬਰੇਲੀ ਦੀ ਮਾਸੂਮ ਮਾਨਸਿਕਤਾ ਨਹੀਂ ਛੱਡ ਸਕੀ।
ਜਦੋਂ ਲੰਦਨ ਆਈ ਸੀ ਤਾਂ ਅੰਗਰੇਜ਼ੀ ਵੀ ਠੀਕ ਨਹੀਂ ਸੀ ਬੋਲ ਸਕਦੀ। ਕਬੀਰ ਪਹਿਲਾਂ ਆ ਗਿਆ ਸੀ, ਨੌਕਰੀ ਸ਼ੁਰੂ ਕਰਨ ਲਈ। ਲਗਭਗ ਚਾਰ ਮਹੀਨੇ ਬਾਅਦ ਰੀਮਾ ਆਈ ਸੀ, ਆਪਣੇ ਪੁੱਤਰ ਨਾਲ। ਅਯਾਨ ਲਗਭਗ ਸਾਲ ਕੁ ਦਾ ਸੀ। ਕਬੀਰ ਤਾਂ ਜਿਵੇਂ ਝੱਲਾ ਹੋਇਆ ਹੋਇਆ ਸੀ ਰੀਮਾ ਬਿਨਾਂ। ਉਂਜ ਕਬੀਰ ਹੈ ਬੜਾ ਪਲੈਨਰ। ਪੂਰੀ ਸੂਝ-ਸਿਆਣਪ ਨਾਲ ਰੀਮਾ ਨੂੰ ਸ਼ੁਕਰਵਾਰ ਦੀ ਫਲਾਈਟ ਵਿਚ ਲੰਦਨ ਬੁਲਾਇਆ ਸੀ। ਸ਼ੁਕਰਵਾਰ ਤੇ ਸ਼ਨੀਵਾਰ ਦੀ ਰਾਤ ਦੀਆਂ ਯਾਦਾਂ ਅੱਜ ਵੀ ਰੀਮਾ ਦੇ ਦਿਲ ਵਿਚ ਤਰੰਗਾਂ ਛੇੜ ਦੇਂਦੀਆਂ ਹੈਨ।...ਉਸਦਾ ਸਾਰਾ ਸਰੀਰ ਲਵ-ਬਾਈਟਸ ਦੇ ਨੀਲੇ ਕਾਲੇ ਨਿਸ਼ਾਨਾਂ ਨਾਲ ਭਰ ਗਿਆ ਸੀ।...ਬਸ ਉਸ ਪਿੱਛੋਂ ਸੋਮਵਾਰ ਨੂੰ ਜਦੋਂ ਕਬੀਰ ਕੰਮ 'ਤੇ ਗਿਆ ਤਾਂ ਅੱਜ ਤੀਕ ਵਾਪਸ ਹੀ ਨਹੀਂ ਆਇਆ। ਉਸਦਾ ਘਿਸਟਦਾ ਹੋਇਆ ਸਰੀਰ ਜ਼ਰੂਰ, ਸੌਣ ਲਈ, ਘਰੇ ਆਉਂਦਾ ਹੈ।...ਪਰ ਉਹ ਸਰੀਰ ਰੀਮਾ ਦੇ ਪਤੀ ਦਾ ਨਹੀਂ ਹੁੰਦਾ। ਉਹ ਕਦੀ ਏਨੇਟ ਦਾ ਪਰੇਮੀ ਜਾਪਦਾ ਹੈ, ਕਦੀ ਕਾਲੀ ਸ਼ਰਲੀ ਦਾ...
ਲੰਦਨ ਆਉਣ ਪਿੱਛੋਂ ਕਬੀਰ ਨੇ ਚਾਰ ਲੇਡੀ ਸੈਕਟਰੀ ਬਦਲੀਆਂ ਨੇ। ਰੀਮਾ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਹਨਾਂ ਲੇਡੀ ਸੈਕਟਰੀਆਂ ਦੀ ਮੁੱਖ ਯੋਗਤਾ ਉਹਨਾਂ ਦੀਆਂ ਵੱਡੀਆਂ-ਵੱਡੀਆਂ ਛਾਤੀਆਂ ਹੀ ਸਨ। ਵੱਡੀਆਂ ਛਾਤੀਆਂ ਕਬੀਰ ਦੀ ਕਮਜ਼ੋਰੀ ਨੇ। ਵਿਆਹ ਤੋਂ ਚਾਰ ਦਿਨ ਪਿੱਛੋਂ ਹੀ ਜਦੋਂ ਕਬੀਰ ਰੀਮਾ ਨਾਲ ਉਸਦੇ ਪੇਕੇ ਹੋ ਕੇ ਆਇਆ ਸੀ ਤਾਂ ਰਸਤੇ ਵਿਚ ਹੀ ਬੇਸ਼ਰਮੀ ਨਾਲ ਕਿਹਾ ਸੀ ਉਸਨੇ, “ਬਈ ਰੀਮਾ, ਤੇਰੇ ਭਰਾ ਦੇ ਬੜੇ ਮਜ਼ੇ ਨੇ।”
“ਕਿਵੇਂ ਭਲਾ?” ਰੀਮਾ ਨੂੰ ਕਬੀਰ ਦੀ ਗੱਲ ਦੀ ਸਮਝ ਨਹੀਂ ਸੀ ਆਈ।
“ਤੇਰੀ ਭਾਬੀ ਦੇ ਖ਼ਜ਼ਾਨੇ ਦੇਖੇ, ਕਿੱਡੇ ਵੱਡੇ-ਵੱਡੇ ਨੇ!” ਕਬੀਰ ਦੀਆਂ ਅੱਖਾਂ ਦੀ ਗੰਦਗੀ ਉਸਦੇ ਮੂੰਹ ਵਿਚੋਂ ਲਾਲਾਂ ਬਣ-ਬਣ ਟਪਕ ਰਹੀ ਸੀ। ਸ਼ਰਮ ਦੀ ਮਾਰੀ ਰੀਮਾ ਬਸ ਚੁੱਪ ਹੀ ਤਾਂ ਵੱਟ ਗਈ ਸੀ।...ਰਾਤੀਂ ਨਾਇਟੀ ਪਾਉਂਦਿਆਂ ਹੋਇਆਂ ਉਸਨੇ ਆਪਣੀਆਂ ਛਾਤੀਆਂ ਦੇਖੀਆਂ ਸਨ। ਏਨੀਆਂ ਛੋਟੀਆਂ ਤਾਂ ਨਹੀਂ ਸਨ, ਉਹਦੀਆਂ ਛਾਤੀਆਂ—ਹਾਂ, ਭਾਬੀ ਦਾ ਪੰਜ ਸਾਲ ਦਾ ਬੇਟਾ ਹੈ। ਉਹ ਭਰੀ-ਪੂਰੀ ਔਰਤ ਹੈ। ਜ਼ਾਹਰ ਹੈ ਕਿ ਉਸਦਾ ਬਦਨ ਵੀ ਓਨਾਂ ਹੀ ਗਦਰਾਇਆ ਹੋਇਆ ਸੀ। ਭਲਾ ਕੋਈ ਵੀ ਸ਼ਰੀਫ਼ ਆਦਮੀ ਕੀ ਆਪਣੇ ਰਿਸ਼ਤੇਦਾਰਾਂ ਬਾਰੇ ਏਨੀ ਹਲਕੀ ਗੱਲ ਕਰ ਸਕਦਾ ਹੈ ਕਦੀ!
ਤੇ ਉਹ ਸ਼ਰਲੀ! ਉਹ ਤਾਂ ਇਕ ਵਾਰੀ ਕਬੀਰ ਤੇ ਪਰਿਵਾਰ ਨੂੰ ਹੀਥਰੋ ਹਵਾਈ ਅੱਡੇ ਤੀਕ ਛੱਡਣ ਵੀ ਆਈ ਸੀ। ਬੇਸ਼ਰਮ ਕਿੰਜ ਕਬੀਰ ਨੂੰ ਘੁੱਟ ਕੇ, ਜੱਫੀ ਪਾ ਕੇ, ਮਿਲੀ ਸੀ! ਰੀਮਾ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਕਬੀਰ ਨੂੰ ਕੀ ਪਸੰਦ ਹੈ! ਕੀ ਉਹ ਗੋਰੀਆਂ ਅੰਗਰੇਜ਼ ਔਰਤਾਂ ਨੂੰ ਪਸੰਦ ਕਰਦਾ ਹੈ ਜਾਂ ਫੇਰ ਕਾਲੀਆਂ ਅਫ਼ਰੀਕਨਾਂ ਨੂੰ! ਪਰ ਮਾਇ ਲੈਨ ਲੀ ਤਾਂ ਚੀਨ ਦੀ ਸੀ। ਓਅ! ਯਾਨੀ ਉਹ ਹਰੇਕ ਕਿਸਮ ਦੇ ਸਵਾਦ ਚੱਖਦਾ ਰਹਿੰਦਾ ਹੈ!
ਏਸੇ ਲਈ ਤਾਂ ਸੀਮਾ ਦੇ ਘਰ ਜਾਣ 'ਤੇ ਏਡਾ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਰਾਤ ਬਾਹਰ ਕਾਰ ਵਿਚ ਬਿਤਾਉਣ 'ਤੇ ਮਜ਼ਬੂਰ ਕਰ ਦਿੱਤਾ ਸੀ।...ਕਿਉਂਕਿ ਸੀਮਾ ਨੇ ਕਬੀਰ ਦੇ ਸੰਬੰਧਾਂ ਬਾਰੇ ਰੀਮਾ ਨਾਲ ਖੁੱਲ੍ਹ ਕੇ ਗੱਲਾਂ ਜੋ ਕੀਤੀਆਂ ਸਨ। ਇਕ ਵਾਰੀ ਤਾਂ ਕਬੀਰ ਨੇ ਸੀਮਾ 'ਤੇ ਵੀ ਆਪਣੇ ਅਹੁਦੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸੀਮਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਅ ਲਿਆ ਸੀ। ਫੇਰ ਉਸਦਾ ਪਤੀ ਵੀ ਏਅਰਲਾਈਨ ਵਿਚ ਅਫ਼ਸਰ ਹੈ। ਸ਼ਾਇਦ ਉਸ ਤੋਂ ਡਰ ਗਿਆ ਹੋਏਗਾ ਕਬੀਰ ਕਿ ਬਦਨਾਮੀ ਹੋਏਗੀ। ਇਕ ਵਾਰੀ ਫ਼ੋਨ ਉਪਰ ਕਿਸੇ ਨਾਲ ਗੱਲ ਕਰਦਿਆਂ ਹੋਇਆਂ ਰੀਮਾ ਨੇ ਖ਼ੁਦ ਵੀ ਸੁਣ ਲਿਆ ਸੀ ਕਿ ਕਿਸੇ ਔਰਤ ਦੀਆਂ ਨਿੱਗਰ ਛਾਤੀਆਂ ਦੀ ਚਰਚਾ ਹੋ ਰਹੀ ਹੈ। ਕਬੀਰ ਨੂੰ ਹਮੇਸ਼ਾ ਇਹੋ ਡਰ ਰਹਿੰਦਾ ਹੈ ਕਿ ਜੇ ਰੀਮਾ ਏਅਰਲਾਈਨ ਦੇ ਮੁਲਾਜ਼ਮਾਂ ਨਾਲ ਦੋਸਤੀ ਕਰੇਗੀ ਤਾਂ ਉਸਦੀ ਪੋਲ-ਪੱਟੀ ਖੁੱਲ੍ਹ ਜਾਣ ਦੀ ਪੂਰੀ ਸੰਭਾਵਨਾ ਹੈ।
0 comments:
Post a Comment